Friday, April 10, 2009

MY PHOTOGRAPHY

ਕਲੰਦਰ ਦਾ ਬਾਂਦਰ

(ਡਾ਼ ਦੀਵਾਨ ਸਿੰਘ ਕਾਲੇਪਾਣੀ)

........................................................

ਇਕ ਮਾੜੂਆ ਬੰਦਾ,ਕਲੰਦਰ,ਡਮਰੂ ਵਜਾਂਦਾ,ਇਕ ਨਾਲ

ਮੁੰਡਾ ਉਸਦੇ

ਇਕ ਬਾਂਦਰ ਗੰਜਾ,ਲੱਕ ਲੰਗੋਟ,ਮੋਢੇ ਡਾਂਗ ਗੱਭਰੂ ਜਵਾਨ ਦੇ

ਸਿਰ ਚੀਰਾ, ਮੇਲੇ ਜਾਂਦਾ ਜੋ ਕਿਤੇ ਨਾ ਲੱਗਾ,

ਇਕ ਬਾਂਦਰੀ,ਲੱਛੋ,ਖੁੱਥੀ-ਖੁੱਥੀ ਲੱਕ ਘੱਗਰੀ, ਰੱਤੀ, ਫਟੀਆਂ

ਲੀਰਾਂ ਦੀ,

ਨੱਚਣ,ਰੁੱਸਣ,ਮੰਨਣ,ਇਹ ਬਾਂਦਰ ਬਾਂਦਰੀ, ਕਲੰਦਰ ਦੇ ਇਸ਼ਾਰੇ 'ਤੇ

ਡਮਰੂ ਦੇ ਖੜਾਕ 'ਤੇ।

ਨੱਚਦੇ ਇਹ ਬਾਂਦਰ ਬਾਂਦਰੀ,ਡੰਡੇ ਦੇ ਡਰ ਨਾਲ, ਤਗੜੇ ਦੀ

ਮਰਜ਼ੀ ਹੇਠ

ਹੌਲੇ ਸੁਸਤ, ਭਾਰੇ ਪੈਰੀਂ,ਮਨ ਮਰੇ ਨਾਲ,ਜਿਵੇਂ ਸਿੱਖਿਆ ਇਹਨਾਂ

ਨੇ ਰੋਜ਼-ਰੋਜ਼ ਨੱਚਣਾ,

ਰਿਹ ਗਈ ਤੇਜ਼ੀ ਤੇ ਲਚਕ ਤੇ ਚੌੜ ਇਹਨਾਂ ਦੀ ਭਾਵੇਂ, ਪਿੱਛੇ

ਵਿੱਚ ਜੰਗਲਾਂ ,

ਜਿੱਥੇ ਰਹੀ ਅਜ਼ਾਦੀ, ਤੇ ਖੁੱਲ੍ਹ ਤੇ ਮੌਜ ਮਨ ਦੀ।

ਖੇਲ੍ਹ ਖਤਮ, ਚਾਦਰ ਵਿਛਾਈ ਕਲੰਦਰ ਨੇ, ਪੇਟ ਵਾਸਤੇ ਆਪਣੇ,

..................................................................

ਬਹਿ ਗਏ ਬਾਂਦਰ ਬਾਂਦਰੀ, ਕਲੰਦਰ ਦੇ ਕੋਲ,

ਉਦਾਸ, ਦਿਲਗੀਰ, ਜੀਵਨ ਦਾ ਚਾਅ ਨਾ ਰਿਹਾ ਹੁੰਦਾ ਜਿਵੇਂ,

ਖ਼ਬਰੇ ਕੋਈ ਯਾਦ ਆਈ, ਲੰਘ ਗਈ ਉਮਰਾਂ ਦੀ, ਖੁਸ ਗਈ

ਖੁੱਲ੍ਹ ਦੀ, ਖੁੱਲ੍ਹ ਵਾਲੇ ਜੰਗਲਾਂ ਦੀ।

ਖ਼ਿਆਲ ਨੇ ਉਹ ਜੰਗਲ ਤੱਕੇ, ਚੀਕਾਂ ਸੁਣੀਆਂ ਸਾਥੀਆਂ ਦੀਆਂ,

ਸਿਰ ਉੱਠੇ ਦੋ, ਅੱਖਾਂ ਮਿਲੀਆਂ ਚਾਰ।

ਘਿਰਨਾ ਦੀ ਨਜ਼ਰ ਤੱਕਿਆ, ਇਹਨਾਂ ਆਪਣੇ ਮਾਲਕ ਕਲੰਦਰ ਨੂੰ,

ਬੇਖ਼ਬਰ ਪਾਂਦਾ ਸੀ, ਪੈਸੇ ਬੋਝੇ ਚ, ਆਟਾ ਦਾਣਾ ਗੁੱਛੀਆਂ 'ਚ,

ਰੋਟੀਆਂ ਫੜਾਂਦਾ ਮੁੰਡੇ ਦੇ ਹੱਥ,

ਛਾਲ ਮਾਰੀ ਇਹਨਾਂ, ਇਕ ਛੜੱਪਾ, ਚੜ੍ਹ ਗਏ ਪਿੱਪਲ 'ਤੇ ਬਾਂਦਰ,

ਬਾਂਦਰੀ ਮਾਰ-ਮਾਰ, ਟਪੋਸੀਆਂ, ਗਏ ਟਾਹਣੀਓਂ

ਟਾਹਣੀ ਉੱਚੀ ਇਕ ਟੀਸੀ 'ਤ

ਲੱਗਣ ਜਿਉਂਦੇ ਇਉਂ, ਜਵਾਨੀ ਮੁੜ ਆਈ ਮਰਿਆਂ ਸਰੀਰਾਂ ਵਿਚ

ਜਿਵੇਂ, ਦੰਦੀਆਂ ਚੜਾਂਦੇ ਹੇਠਾਂ ਬੈਠਿਆਂ ਨੂੰ।

.....................................................

....................................................

ਭੁੱਖੇ ਸਨ ਇਹ ਬਾਂਦਰ ਬਾਂਦਰੀ ਦੋਵੇਂ,

ਪਿੱਪਲ ਤੇ ਕੁਝ ਨਾ ਲੱਭਾ ਸੀ ਖਾਣ ਨੂੰ, ਹੋਰ ਭੁੱਖ ਚਮਕਾਈ ਇਹਨਾਂ,

ਖੁੱਲ੍ਹੀਆਂ ਟਪੋਸੀਆਂ ਨੇ ਸਗੋਂ,

ਆਏ ਲਲਚਾਏ ਹੇਠਾਂ-ਹੇਠਾਂ, ਵੇਖ ਮਾਲਕ ਦੇ ਹੱਥ ਟੁੱਕਰ ਤੇ ਖਿੱਲਾਂ,

ਡੰਡਾ ਪਿਆ ਪਿੱਠ ਪਿੱਛੇ ਨਾ ਦਿਸਿਆ,

ਟੁੱਕਰ ਫੜ ਹੀ ਲਿਆ ਸੀ ਕਿ ਸੰਗਲੀ ਫੜ ਲਈ ਕਲੰਦਰ ਨੇ,

ਬਾਂਦਰ ਦੀ, ਮੁੰਡੇ ਨੇ ਬਾਂਦਰੀ ਦੀ,

ਟੁੱਕਰ ਹਟਾ ਲਿਆ ਅੱਗੋਂ, ਖੱਸ ਲਈਆਂ ਖਿੱਲਾਂ, ਤੇ ਡੰਡਾ ਫੜਿਆ

ਹੱਥ, ਅੱਕੇ ਹੋਏ ਕਲੰਦਰ ਨੇ।

ਗੁੱਛੂ ਮੁੱਛੂ ਹੁੰਦੇ ਇਹ ਬਾਂਦਰ ਬਾਂਦਰੀ, ਕੱਠੇ ਹੁੰਦੇ ਜਾਣ, ਕਲੰਦਰ

ਦੀਆਂ ਲੱਤਾਂ ਵਿਚ, ਚੀਕਾਂ ਮਾਰਦੇ, ਤਰਲੇ ਕੱਢਦੇ,

ਮਾਰਿਆ ਕਲੰਦਰ ਨੇ ਡੰਡੇ ਨਾਲ, ਨਾਲੇ ਬੰਦ ਕੀਤੀ ਇਕ ਡੰਗ

ਦੀ ਰੋਟੀ- ' ਬੜਾ ਖਪਾਇਆ ਇਹਨਾਂ ਮੈਨੂੰ '।

ਧਰੂ ਕੇ ਲੈ ਗਿਆ ਡੇਰੇ ਆਪਣੇ, ਪਿੰਡੋਂ ਬਾਹਰ, ਬੰਨ੍ਹਿਆ ਕਿੱਲਿਆਂ

ਨਾਲ, ਅਜੇ ਗੱਸਾ ਨਾ ਸੀ ਮਰਿਆ ਕਲੰਦਰ ਦਾ।

"ਇਹਨਾਂ ਬੜਾ ਖੱਜਲ ਕੀਤਾ ਅੱਜ, ਨਾਲੇ ਫਾੜ ਦਿੱਤੇ ਘੱਗਰੀ ਤੇ ਲੰਗੋਟ

ਖਾਣ ਨੂੰ ਦੇਣਾ ਨਾ ਇਹਨਾਂ ਨੂੰ ਕੁਝ ਅੱਜ "- ਜ਼ਨਾਨੀ ਨੂੰ ਆਖਦਾ।

ਚੁੱਪ ਹੋਏ ਬਾਂਦਰ ਤੇ ਬਾਂਦਰੀ, ਮਰ ਗਿਆ ਮੱਚ, ਉਡ ਗਈ ਰੂਹ,

ਵਿਸਰੀ ਜੰਗਲ-ਟਪੋਸੀਆਂ ਦੀ ਯਾਦ, ਹਮੇਸ਼ਾਂ ਵਾਸਤੇ।

ਨੱਚਦੇ ਹੁਣ ਘੱਗਰੀ ਪਾ ਕੇ ਸੋਟਾ ਫੜ ਕੇ, ਜਿਵੇਂ ਨਚਾਂਦਾ ਕਲੰਦਰ

ਬੜੇ ਸਿੱਖੇ ਹੋਏ ਸਾਊ ਬਾਂਦਰ ਇਹ,

ਢਿੱਡ ਭਰਦੇ ਦਾਣੇ ਮੰਗ-ਮੰਗ, ਇਸ ਮਾਲਕ ਕਲੰਦਰ ਦਾ, ਆਪਣੀ

ਕੈਦ ਦਾ ਤਮਾਸ਼ਾ ਵਿਖਾ-ਵਿਖਾ।

ਕੈਸੀ ਇਹ ਦੁਨੀਆਂ,ਜ਼ੁਲਮ ਨੂੰ ਤਮਾਸ਼ਾ ਆਂਹਦੀ,

ਖ਼ਰਚ-ਖ਼ਰਚ ਪੈਸ ਵੇਖਦੀ, ਜ਼ੁਲਮ ਦਾ ਤਮਾਸ਼ਾ, ਇਹ ਜ਼ਾਲਮ

ਦੁਨੀਆਂ।

1 comment:

  1. ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
    ਧੰਨਵਾਦ

    ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

    ਵਿਨੋਦ ਕੁਮਾਰ

    ReplyDelete