Tuesday, April 7, 2009

ਜੋਬਨ ਰੁੱਤੇ

ਮੁਹੱਬਤੀ ਫੁੱਲ

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਨਾ ਹੀ ਰੁੱਤਾਂ ਤੇ ਮੁਹਥਾਜ

ਇਹ ਤਾਂ ਪਤਝੜਾਂ 'ਚ ਵੀ

ਮਹਿਕਦੇ, ਟਹਿਕਦੇ

ਹਵਾ ਦੀ ਛੋਹ ਨਾਲ

ਬਾਵਰੇ ਹੋ ਝੂਮਦੇ

ਮਹਿਬੂਬ ਦੀ ਮਹਿਕ

ਦੂਰ ਦੂਰ ਤੀਕ ਖਿੰਡਾ ਦਿੰਦੇ...

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਇਹ ਸੂਹੇ ਸੂਹੇ

ਕੋਸਾ ਚਾਨਣ ਨ੍ਹਾਤੇ

ਹੋਠਾਂ 'ਤੇ ਤੇ੍ਲ ਵਾਂਗ

ਲਰਜ਼ਦੇ, ਚਮਕਦੇ

ਖੁਸ਼ੀਆਂ ਵੰਡਦੇ

ਕੁੱਲ ਆਲਮ 'ਚ

ਮੁਹੱਬਤ ਦੇ ਰੰਗ ਭਰ ਦਿੰਦੇ

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਇਹ ਕਿਸੇ ਵੀ ਥਾਂ

ਕਿਸੇ ਵੀ ਪਲ਼

ਕਿਸੇ ਵੀ ਰੁੱਤੇ

ਕਿਸੇ ਵੀ ਰੁੱਖੇ ਖਿੜ ਪੈਂਦੇ

ਜਦ ਸਾਹਵਿਓਂ ਆਉਂਦੀਆਂ

ਨਸ਼ਿਆਈਆਂ ਪੌਣਾਂ ਦਾ ਵੇਗ

ਭਰ ਦਿੰਦਾ ਪਰਾਗ

ਤੇ ਜੋਬਨ ਦੀ ਰੁੱਤ

ਫੁੱਲ ਹੀ ਫੁੱਲ ਕਰ ਦਿੰਦੀ ਚੁਫ਼ੇਰ

ਭਰ ਦਿੰਦੀ ਮੁਹੱਬਤ ਦੀ ਚੰਗੇਰ.....

No comments:

Post a Comment