Friday, August 20, 2010

ਸੱਭੋ ਥਾਈਂ (ਸੁਖਪਾਲ)



ਸੱਭੋ ਥਾਈਂ


ਸਮੁੰਦਰ ਨਾ ਬਣਾਂ
ਨਾ ਹੀ ਬੱਦਲ
ਨਾ ਦਰਿਆ ਬਣਾਂ
ਨਾ ਵਰਖਾ

ਮੈਂ ਬੂੰਦ ਬਣਾਂ
ਸੱਭੋ ਥਾਈਂ ਰਹਾਂ
(ਧੰਨਵਾਦ ਸਹਿਤ 'ਚੁੱਪ ਚੁਪੀਤੇ ਚੇਤਰ ਚੜ੍ਹਿਆ' ਵਿੱਚੋਂ)

Friday, April 16, 2010

ਛਿੰਜ

ਛਿੰਜ ਦੀ ਤਿਆਰੀ ਹੋਈ ਢੋਲ ਵੱਜਦੇ,

ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।

ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ,

ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।

ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

-ਧਨੀ ਰਾਮ ਚਾਤ੍ਰਿਕ












Friday, April 10, 2009

MY PHOTOGRAPHY

ਕਲੰਦਰ ਦਾ ਬਾਂਦਰ

(ਡਾ਼ ਦੀਵਾਨ ਸਿੰਘ ਕਾਲੇਪਾਣੀ)

........................................................

ਇਕ ਮਾੜੂਆ ਬੰਦਾ,ਕਲੰਦਰ,ਡਮਰੂ ਵਜਾਂਦਾ,ਇਕ ਨਾਲ

ਮੁੰਡਾ ਉਸਦੇ

ਇਕ ਬਾਂਦਰ ਗੰਜਾ,ਲੱਕ ਲੰਗੋਟ,ਮੋਢੇ ਡਾਂਗ ਗੱਭਰੂ ਜਵਾਨ ਦੇ

ਸਿਰ ਚੀਰਾ, ਮੇਲੇ ਜਾਂਦਾ ਜੋ ਕਿਤੇ ਨਾ ਲੱਗਾ,

ਇਕ ਬਾਂਦਰੀ,ਲੱਛੋ,ਖੁੱਥੀ-ਖੁੱਥੀ ਲੱਕ ਘੱਗਰੀ, ਰੱਤੀ, ਫਟੀਆਂ

ਲੀਰਾਂ ਦੀ,

ਨੱਚਣ,ਰੁੱਸਣ,ਮੰਨਣ,ਇਹ ਬਾਂਦਰ ਬਾਂਦਰੀ, ਕਲੰਦਰ ਦੇ ਇਸ਼ਾਰੇ 'ਤੇ

ਡਮਰੂ ਦੇ ਖੜਾਕ 'ਤੇ।

ਨੱਚਦੇ ਇਹ ਬਾਂਦਰ ਬਾਂਦਰੀ,ਡੰਡੇ ਦੇ ਡਰ ਨਾਲ, ਤਗੜੇ ਦੀ

ਮਰਜ਼ੀ ਹੇਠ

ਹੌਲੇ ਸੁਸਤ, ਭਾਰੇ ਪੈਰੀਂ,ਮਨ ਮਰੇ ਨਾਲ,ਜਿਵੇਂ ਸਿੱਖਿਆ ਇਹਨਾਂ

ਨੇ ਰੋਜ਼-ਰੋਜ਼ ਨੱਚਣਾ,

ਰਿਹ ਗਈ ਤੇਜ਼ੀ ਤੇ ਲਚਕ ਤੇ ਚੌੜ ਇਹਨਾਂ ਦੀ ਭਾਵੇਂ, ਪਿੱਛੇ

ਵਿੱਚ ਜੰਗਲਾਂ ,

ਜਿੱਥੇ ਰਹੀ ਅਜ਼ਾਦੀ, ਤੇ ਖੁੱਲ੍ਹ ਤੇ ਮੌਜ ਮਨ ਦੀ।

ਖੇਲ੍ਹ ਖਤਮ, ਚਾਦਰ ਵਿਛਾਈ ਕਲੰਦਰ ਨੇ, ਪੇਟ ਵਾਸਤੇ ਆਪਣੇ,

..................................................................

ਬਹਿ ਗਏ ਬਾਂਦਰ ਬਾਂਦਰੀ, ਕਲੰਦਰ ਦੇ ਕੋਲ,

ਉਦਾਸ, ਦਿਲਗੀਰ, ਜੀਵਨ ਦਾ ਚਾਅ ਨਾ ਰਿਹਾ ਹੁੰਦਾ ਜਿਵੇਂ,

ਖ਼ਬਰੇ ਕੋਈ ਯਾਦ ਆਈ, ਲੰਘ ਗਈ ਉਮਰਾਂ ਦੀ, ਖੁਸ ਗਈ

ਖੁੱਲ੍ਹ ਦੀ, ਖੁੱਲ੍ਹ ਵਾਲੇ ਜੰਗਲਾਂ ਦੀ।

ਖ਼ਿਆਲ ਨੇ ਉਹ ਜੰਗਲ ਤੱਕੇ, ਚੀਕਾਂ ਸੁਣੀਆਂ ਸਾਥੀਆਂ ਦੀਆਂ,

ਸਿਰ ਉੱਠੇ ਦੋ, ਅੱਖਾਂ ਮਿਲੀਆਂ ਚਾਰ।

ਘਿਰਨਾ ਦੀ ਨਜ਼ਰ ਤੱਕਿਆ, ਇਹਨਾਂ ਆਪਣੇ ਮਾਲਕ ਕਲੰਦਰ ਨੂੰ,

ਬੇਖ਼ਬਰ ਪਾਂਦਾ ਸੀ, ਪੈਸੇ ਬੋਝੇ ਚ, ਆਟਾ ਦਾਣਾ ਗੁੱਛੀਆਂ 'ਚ,

ਰੋਟੀਆਂ ਫੜਾਂਦਾ ਮੁੰਡੇ ਦੇ ਹੱਥ,

ਛਾਲ ਮਾਰੀ ਇਹਨਾਂ, ਇਕ ਛੜੱਪਾ, ਚੜ੍ਹ ਗਏ ਪਿੱਪਲ 'ਤੇ ਬਾਂਦਰ,

ਬਾਂਦਰੀ ਮਾਰ-ਮਾਰ, ਟਪੋਸੀਆਂ, ਗਏ ਟਾਹਣੀਓਂ

ਟਾਹਣੀ ਉੱਚੀ ਇਕ ਟੀਸੀ 'ਤ

ਲੱਗਣ ਜਿਉਂਦੇ ਇਉਂ, ਜਵਾਨੀ ਮੁੜ ਆਈ ਮਰਿਆਂ ਸਰੀਰਾਂ ਵਿਚ

ਜਿਵੇਂ, ਦੰਦੀਆਂ ਚੜਾਂਦੇ ਹੇਠਾਂ ਬੈਠਿਆਂ ਨੂੰ।

.....................................................

....................................................

ਭੁੱਖੇ ਸਨ ਇਹ ਬਾਂਦਰ ਬਾਂਦਰੀ ਦੋਵੇਂ,

ਪਿੱਪਲ ਤੇ ਕੁਝ ਨਾ ਲੱਭਾ ਸੀ ਖਾਣ ਨੂੰ, ਹੋਰ ਭੁੱਖ ਚਮਕਾਈ ਇਹਨਾਂ,

ਖੁੱਲ੍ਹੀਆਂ ਟਪੋਸੀਆਂ ਨੇ ਸਗੋਂ,

ਆਏ ਲਲਚਾਏ ਹੇਠਾਂ-ਹੇਠਾਂ, ਵੇਖ ਮਾਲਕ ਦੇ ਹੱਥ ਟੁੱਕਰ ਤੇ ਖਿੱਲਾਂ,

ਡੰਡਾ ਪਿਆ ਪਿੱਠ ਪਿੱਛੇ ਨਾ ਦਿਸਿਆ,

ਟੁੱਕਰ ਫੜ ਹੀ ਲਿਆ ਸੀ ਕਿ ਸੰਗਲੀ ਫੜ ਲਈ ਕਲੰਦਰ ਨੇ,

ਬਾਂਦਰ ਦੀ, ਮੁੰਡੇ ਨੇ ਬਾਂਦਰੀ ਦੀ,

ਟੁੱਕਰ ਹਟਾ ਲਿਆ ਅੱਗੋਂ, ਖੱਸ ਲਈਆਂ ਖਿੱਲਾਂ, ਤੇ ਡੰਡਾ ਫੜਿਆ

ਹੱਥ, ਅੱਕੇ ਹੋਏ ਕਲੰਦਰ ਨੇ।

ਗੁੱਛੂ ਮੁੱਛੂ ਹੁੰਦੇ ਇਹ ਬਾਂਦਰ ਬਾਂਦਰੀ, ਕੱਠੇ ਹੁੰਦੇ ਜਾਣ, ਕਲੰਦਰ

ਦੀਆਂ ਲੱਤਾਂ ਵਿਚ, ਚੀਕਾਂ ਮਾਰਦੇ, ਤਰਲੇ ਕੱਢਦੇ,

ਮਾਰਿਆ ਕਲੰਦਰ ਨੇ ਡੰਡੇ ਨਾਲ, ਨਾਲੇ ਬੰਦ ਕੀਤੀ ਇਕ ਡੰਗ

ਦੀ ਰੋਟੀ- ' ਬੜਾ ਖਪਾਇਆ ਇਹਨਾਂ ਮੈਨੂੰ '।

ਧਰੂ ਕੇ ਲੈ ਗਿਆ ਡੇਰੇ ਆਪਣੇ, ਪਿੰਡੋਂ ਬਾਹਰ, ਬੰਨ੍ਹਿਆ ਕਿੱਲਿਆਂ

ਨਾਲ, ਅਜੇ ਗੱਸਾ ਨਾ ਸੀ ਮਰਿਆ ਕਲੰਦਰ ਦਾ।

"ਇਹਨਾਂ ਬੜਾ ਖੱਜਲ ਕੀਤਾ ਅੱਜ, ਨਾਲੇ ਫਾੜ ਦਿੱਤੇ ਘੱਗਰੀ ਤੇ ਲੰਗੋਟ

ਖਾਣ ਨੂੰ ਦੇਣਾ ਨਾ ਇਹਨਾਂ ਨੂੰ ਕੁਝ ਅੱਜ "- ਜ਼ਨਾਨੀ ਨੂੰ ਆਖਦਾ।

ਚੁੱਪ ਹੋਏ ਬਾਂਦਰ ਤੇ ਬਾਂਦਰੀ, ਮਰ ਗਿਆ ਮੱਚ, ਉਡ ਗਈ ਰੂਹ,

ਵਿਸਰੀ ਜੰਗਲ-ਟਪੋਸੀਆਂ ਦੀ ਯਾਦ, ਹਮੇਸ਼ਾਂ ਵਾਸਤੇ।

ਨੱਚਦੇ ਹੁਣ ਘੱਗਰੀ ਪਾ ਕੇ ਸੋਟਾ ਫੜ ਕੇ, ਜਿਵੇਂ ਨਚਾਂਦਾ ਕਲੰਦਰ

ਬੜੇ ਸਿੱਖੇ ਹੋਏ ਸਾਊ ਬਾਂਦਰ ਇਹ,

ਢਿੱਡ ਭਰਦੇ ਦਾਣੇ ਮੰਗ-ਮੰਗ, ਇਸ ਮਾਲਕ ਕਲੰਦਰ ਦਾ, ਆਪਣੀ

ਕੈਦ ਦਾ ਤਮਾਸ਼ਾ ਵਿਖਾ-ਵਿਖਾ।

ਕੈਸੀ ਇਹ ਦੁਨੀਆਂ,ਜ਼ੁਲਮ ਨੂੰ ਤਮਾਸ਼ਾ ਆਂਹਦੀ,

ਖ਼ਰਚ-ਖ਼ਰਚ ਪੈਸ ਵੇਖਦੀ, ਜ਼ੁਲਮ ਦਾ ਤਮਾਸ਼ਾ, ਇਹ ਜ਼ਾਲਮ

ਦੁਨੀਆਂ।

Tuesday, April 7, 2009

ਜੋਬਨ ਰੁੱਤੇ

ਮੁਹੱਬਤੀ ਫੁੱਲ

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਨਾ ਹੀ ਰੁੱਤਾਂ ਤੇ ਮੁਹਥਾਜ

ਇਹ ਤਾਂ ਪਤਝੜਾਂ 'ਚ ਵੀ

ਮਹਿਕਦੇ, ਟਹਿਕਦੇ

ਹਵਾ ਦੀ ਛੋਹ ਨਾਲ

ਬਾਵਰੇ ਹੋ ਝੂਮਦੇ

ਮਹਿਬੂਬ ਦੀ ਮਹਿਕ

ਦੂਰ ਦੂਰ ਤੀਕ ਖਿੰਡਾ ਦਿੰਦੇ...

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਇਹ ਸੂਹੇ ਸੂਹੇ

ਕੋਸਾ ਚਾਨਣ ਨ੍ਹਾਤੇ

ਹੋਠਾਂ 'ਤੇ ਤੇ੍ਲ ਵਾਂਗ

ਲਰਜ਼ਦੇ, ਚਮਕਦੇ

ਖੁਸ਼ੀਆਂ ਵੰਡਦੇ

ਕੁੱਲ ਆਲਮ 'ਚ

ਮੁਹੱਬਤ ਦੇ ਰੰਗ ਭਰ ਦਿੰਦੇ

ਮੌਸਮੀਂ ਨਹੀਂ ਹੁੰਦੇ

ਮੁਹੱਬਤੀ ਫੁੱਲ

ਇਹ ਕਿਸੇ ਵੀ ਥਾਂ

ਕਿਸੇ ਵੀ ਪਲ਼

ਕਿਸੇ ਵੀ ਰੁੱਤੇ

ਕਿਸੇ ਵੀ ਰੁੱਖੇ ਖਿੜ ਪੈਂਦੇ

ਜਦ ਸਾਹਵਿਓਂ ਆਉਂਦੀਆਂ

ਨਸ਼ਿਆਈਆਂ ਪੌਣਾਂ ਦਾ ਵੇਗ

ਭਰ ਦਿੰਦਾ ਪਰਾਗ

ਤੇ ਜੋਬਨ ਦੀ ਰੁੱਤ

ਫੁੱਲ ਹੀ ਫੁੱਲ ਕਰ ਦਿੰਦੀ ਚੁਫ਼ੇਰ

ਭਰ ਦਿੰਦੀ ਮੁਹੱਬਤ ਦੀ ਚੰਗੇਰ.....

I LOVE NATURE


ੁਦ ਦੇ ਰੰ

ਹਰੇ ਪੱਤਿਆਂ ਪਿੱਛਿਓਂ

ਹਰੀ ਧੁੱਪ ਨਿੱਕਲੀ

ਚੋਟੀ ਦੇ ਸਿਖ਼ਰ

ਹਰਿਆਵਲ ਵਿਛੀ

ਅਜੀਬ ਕੁਦਰਤ ਦਾ ਰੰਗ

ਉੱਡਦਾ ਉੱਡਦਾ ਬੱਦਲ

ਹੱਥਾਂ ਨੂੰ ਛੂਹ ਕੇ ਲੰਘਿਆ

ਤਨ ਮਨ ਭਿੱਜਿਆ

ਅੱਖਾਂ 'ਚ ਪ੍ਰੇਮ ਦੇ ਹੰਝੂ ਉੱਤਰੇ

ਛਾਤੀ ਚ ਡੂੰਘਾ ਸਾਹ ਲੱਥਿਆ

ਮਨ ਖਿਆਲ ਵੱਸਿਆ-

"ਜੋ ਸੰਗ ਨਹੀਂ

ਉਸੇ ਨੂੰ ਤਾਂ ਇਹ ਸਭ

ਦਿਖਾਉਣਾ ਸੀ...."

ਉਹ ਭਾਰੇ ਕਦਮੀਂ

ਵਾਪਸ ਮੁੜਿਆ

ਤਾਂ ਸਾਰਾ ਕੁਝ

ਸਫ਼ਿਆਂ 'ਤੇ ਵਿਛਿਆ ਪਿਆ ਸੀ

Thursday, April 2, 2009

PANI PITA


































ਸੁੱਚੇ ਸ਼ਬਦਾਂ ਦੀ ਰੂਹ

ਪਾਣੀ ਧਰਤੀ 'ਚੋਂ ਸਿੱਮਦਾ ਜੇ ਮਾਵਾਂ ਜਿਹਾ

ਵਰ੍ਹੇ ਅੰਬਰ ਤੋਂ ਪਾਣੀ ਭਰਾਵਾਂ ਜਿਹਾ

ਜਿਹੜਾ ਵੱਸਦਾ ਏ ਅੱਖੀਆਂ ਦੇ ਉੱਜੜੇ ਘਰੀਂ
ਉਹ ਮੇਰੇ ਹੀ ਵਾਂਗੂੰ ਨਿਥਾਵਾਂ ਜਿਹਾ

ਜਿਹੜਾ ਪਾਣੀ ਹਵਾਵਾਂ ਦਾ ਆਦਰ ਕਰੇ
ਉਹ ਔੜਾਂ 'ਚ ਬਣਕੇ ਘਟਾਵਾਂ ਵਰ੍ਹੇ
ਉਹਨੂੰ ਧੀਆਂ ਤੇ ਤੀਆਂ ਉਡੀਕਣ ਸਦਾ
ਉਹ ਬੋਹੜਾਂ ਤੇ ਪਿੱਪਲਾਂ ਦੀ ਛਾਵਾਂ ਜਿਹਾ

ਜਿਹੜਾ ਪਾਣੀ ਰਬਾਬੀ ਮਰਦਾਨਾ ਬਣੇ
ਸੁੱਚੇ ਸ਼ਬਦਾਂ ਦੀ ਰੂਹ ਦਾ ਤਰਾਨਾ ਬਣੇ
ਉਹਨੂੰ ਨਾਨਕ ਦੇ ਨੈਣਾਂ ਦਾ ਚਾਨਣ ਮਿਲੇ
ਜਾਪੇ ਜੰਨਤ ਦੀ ਰੂਹ ਦਾ ਸਿਰਨਾਵਾਂ ਜਿਹਾ

ਪਾਣੀ ਜਿਹੜਾ ਵੀ ਮਿੱਤਰਾਂ ਦੇ ਦਰ 'ਤੇ ਗਿਆ
ਉਹ ਹਮੇਸ਼ਾਂ ਹੀ ਕੱਚਿਆਂ 'ਤੇ ਤਰ ਕੇ ਗਿਆ
ਤਨ ਡੁੱਬਿਆ ਤੇ ਰੂਹਾਂ ਨੂੰ ਜਿੰਦਗੀ ਮਿਲੀ
ਰੂਪ ਹੁਸਨਾਂ ਦਾ ਹੋਇਆ ਝਨਾਵਾਂ ਜਿਹਾ

(ਪਾਣੀ ਪਿਤਾ ਪੁਸਤਕ ਚੋਂ ਧੰਨਵਾਦ ਸਹਿਤ)

Wednesday, April 1, 2009